The 2023 General Shabeg Singh annual lecture was delivered by Sikh Education Council chairperson Dr Pargat Singh on Thursday 25 May at the Sikh Education Council Research Centre in central London.

Watch the lecture as it was delivered live below and/or read the published version.

ਸਿਧਾਂਤਕ ਤੋਰ ਤੇ ਰੱਖਿਆ ਪ੍ਰਬੰਧ ਦੇ ਵਿਚਾਰਕ ਤੇ ਵਿਹਾਰਕ ਵਿਚਾਰਾਂ ਦਾ ਸਬੰਧ ਰਾਜ ਦੀ ਸੰਸਥਾ ਨਾਲ ਰਿਹਾ ਹੈ। ਇਸ ਵਿਚਾਰ ਅਨੂਸਾਰ ਰਾਜ ਕੋਲ ਪ੍ਭੂਸੱਤਾ ਦਾ ਅਧਿਕਾਰ ਹੋਣ ਕਰਕੇ ਤਾਕਤ ਦੀ ਵਰਤੋਂ ਤੇ ਵੀ ਰਾਜ ਦਾ ਓਚਿਤ ਹੱਕ ਹੁੰਦਾ ਹੈ। ਇਸ ਕਰਕੇ ਰਾਜ ਹੀ ਅਜਿਹੀ ਕਨੂੰਨੀ ਇਕਾਈ ਹੈ ਜੋ ਇਸ ਦੇ ਅੰਦਰੂੰਨੀ ਤੇ ਬਾਹਰੀ ਵਿਵਾਦਾਂ ਨੂੰ ਰਾਜਸੀ ਤੇ ਫੋਜੀ ਤਾਕਤ ਰਾਹੀਂ ਹੱਲ ਕਰਦੀ ਹੈ। ਇਸ ਅਧਾਰ ਤੇ ਰਾਜ ਆਪਣੀ ‘ਸੁਰਖਿਆ ਨੀਤੀ’ ਬਣਾਉਦੇ ਹਨ ਜਿਸ ਰਾਹੀਂ ਕੋਮਾਂਤਰੀ ਰਾਜਨੀਤੀ ਦੇ ਖੇਤਰ ਵਿੱਚ ਆਪਣੇ ਕੌਮੀ ਹਿੱਤ ਸੁਰੱਖਿਅਤ ਕੀਤੇ ਜਾ ਸਕਣ। ਇਸ ਸੰਦਰਭ ਵਿੱਚ ਰਾਜ ਦੀ ਰੱਖਿਆ ਨੀਤੀ ਦੇ ਮੁੱਖ ਟੀਚੇ ਹੇਠ ਲਿਖੇ ਹਨ,

੧) ਰਾਜ ਵਿਚਲੇ ਲੋਕਾਂ ਅਤੇ ਇਨਾਂ ਵਲੋਂ ਸਿਰਜੇ ਰਾਜਨੀਤਕ ਭਾਈਚਾਰੇ ਦੀ ਹੋਂਦ ਕਾਇਮ ਰੱਖਣਾ।

੨) ਰਾਜ ਦੀਆਂ ਹੱਦਾਂ ਦੀ ਰਾਖੀ।

੩) ਰਾਜਨੀਤਕ ਅਜਾਦੀ ਦੀ ਰਾਖੀ।

੪) ਰਾਜ ਦੇ ਵਸਨੀਕਾਂ ਦੇ ਜਿਉਂਦੇ ਰਹਿਣ ਲਈ ਜਰੂਰੀ ਆਰਥਿਕ ,ਸਿਹਤ ਅਤੇ ਜਰਾਇਤੀ ਸਰੋਤਾਂ ਦੀ ਰਾਖੀ।

੫) ਕੋਮੀ ਰੱਖਿਆ ਨੀਤੀ ਅਨੁਸਾਰ ਜਰੂਰੀ ਕੌਮੀ ਹਿਤਾਂ ਦੀ ਰਾਖੀ।

ਇਸ ਤਰਾਂ ਪਰੰਪਰਾਗਤ ਰੱਖਿਆ ਨੀਤੀ ਵਿੱਚ ਬਦਲਾਅ ਆਏ ਹਨ। ਹੁਣ ਕੌਮੀ ਰੱਖਿਆ ਨੀਤੀ ਵਿੱਚ ਸਿਧਾਂਤਕ ਤੋਰ ਤੇ ਆਰਥਿਕ ਰੱਖਿਆ, ਵਾਤਾਵਰਣ, ਸਿਹਤ ਤੇ ਜਰਾਇਤੀ ਰੱਖਿਆ ਵਰਗੇ ਮਨੁੱਖੀ ਸਮਾਜ ਨਾਲ ਸਬੰਧਿਤ ਮਸਲੇ ਵੀ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਦਿਨ ਬਾ ਦਿਨ ਹੋ ਰਹੇ ਤਕਨੀਕੀ ਵਿਕਾਸ ਨੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਪ੍ਵਾਨਿਤ ਰੱਖਿਆ ਢਾਂਚਿਆ ਵਿੱਚ ਕਰਾਂਤੀਕਾਰੀ ਤਬਦੀਲੀਆਂ ਲਿਆਦੀਆਂ ਹਨ। ਇਸ ਤਬਦੀਲੀ ਨੇ ਰੱਖਿਆ ਸਬੰਧੀ ਮਾਨਤਾਵਾਂ ਵਿੱਚ ਵੀ ਵੱਡੇ ਬਦਲਾਅ ਲਿਆ ਦਿੱਤੇ ਹਨ। ਅਸਲ ਵਿੱਚ ਇਹ ਮਾਨਤਾਵਾਂ ਜੰਗੀ ਤਕਨੀਕਾਂ ਵਿੱਚਲੇ ਵਿਕਾਸ ਤੇ ਅਧਾਰਤ ਹਨ। ਜਿਸ ਤਰਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਜਿਸ ਕੋਲ ਕਿਲੇ ਅਤੇ ਤੋਪਾਂ ਸਨ ਉਸ ਦਾ ਦੂਜਿਆਂ ਉਪੱਰ ਕਬਜਾ ਤੈਅ ਹੁੰਦਾ ਸੀ। ਬਾਅਦ ਵਿੱਚ ਸਮੁੰਦਰੀ ਜਹਾਜਾਂ ਦੇ ਵਿਕਾਸ ਨੇ ਸਮੁੰਦਰ ਤੇ ਕਾਬਜ ਦੇਸ਼ਾਂ ਨੂੰ ਵੱਡੀਆਂ ਤਾਕਤਾਂ ਬਣਾ ਦਿੱਤਾ। ਇੰਗਲੈਂਡ, ਪੁਰਤਗਾਲ, ਤੇ ਸਪੇਨ ਵਰਗੇ ਦੇਸ਼ਾਂ ਨੇ ਸਮੁੰਦਰੀ ਤਾਕਤ ਰਾਹੀਂ ਦੁਨੀਂਆ ਦੇ ਵੱਡੇ ਹਿਸਿੱਆਂ ਨੂੰ ਲੰਬੇ ਸਮੇਂ ਤੱਕ ਗੁਲਾਮ ਬਣਾਈ ਰੱਖਿੱਆ।

ਵੀਹਵੀਂ ਸਦੀ ਵਿੱਚ ਨਿਉਕਲੀ ਹਥਿਆਰਾਂ ਅਤੇ ਸਪੇਸ ਤੇ ਕਬਜਾ ਕਰਨ ਵਾਲੀਆਂ ਤਕਨੀਕਾਂ ਦੇ ਵਿਕਾਸ ਨੇ ਅਮਰੀਕਾ ਤੇ ਸਾਬਕਾ ਸੋਵੀਅਤ ਰੂਸ ਵਰਗੇ ਦੇਸ਼ਾਂ ਨੂੰ ਮਹਾਂ-ਤਾਕਤਾਂ ਵਜੋਂ ਉਭਾਰ ਦਿੱਤਾ। ਪਰ ਮੋਜੂਦਾ ਸਮੇਂ ਵਿੱਚ ਵਿਕਸਤ ਹੋ ਰਹੀ ਮਸਨੂਈ ਬੋਧਿਕਤਾ ਨਾਲ ਸਬੰਧਿਤ ਤਕਨੀਕਾਂ ਨੇ ਰੱਖਿਆ ਢਾਂਚਿਆਂ ਤੇ ਮਾਨਤਾਵਾਂ ਨੂੰ ਬਦਲ ਦਿੱਤਾ ਹੈ। ਜਿਵੇਂ ਕੁੱਝ ਸਮਾਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਜਿਸ ਦੇਸ਼ ਦਾ ਸਪੇਸ ਤੇ ਕਬਜਾ ਹੋਵੇਗਾ ਉਹ ਦੁਨੀਆਂ ਤੇ ਰਾਜ ਕਰੇਗਾ ਪਰ ਹੁਣ ਮਸਨੂਹੀ ਬੋਧਿਕਤਾ ਨੂੰ ਦੁਨੀਆਂ ਤੇ ਕਬਜੇ ਦਾ ਸਰੋਤ ਮੰਨਿਆਂ ਜਾ ਰਿਹਾ ਹੈ।ਮੋਜੂਦਾ ਸਮੇਂ ਵਿੱਚ ਕੋਮਾਂਤਰੀ ਪੱਧਰ ਤੇ ਆ ਰਹੀਆਂ ਮਹੱਤਵਪੂਰਨ ਰਾਜਨੀਤਕ ਤਬਦੀਲੀਆਂ ਦਾ ਰੱਖਿਆ ਢਾਂਚਿਆਂ ਤੇ ਡੂੰਘਾਂ ਅਸਰ ਪੈ ਰਿਹਾ ਹੈ। ਰੂਸ ਵਲੋਂ ਯੂਕਰੇਨ ਤੇ ਹਮਲੇ ਨੇ ਪ੍ਭੂਸੱਤਾਤਮਿਕ ਸਮਾਨਤਾ ਦੇ ਕੋਮਾਂਤਰੀ ਕਨੂੰਨ ਤੇ ਵੱਡੀ ਸੱਟ ਮਾਰੀ ਹੈ। ਚੀਨ ਦੀ ਹਾਂਗ ਕਾਂਗ ਅਤੇ ਤਾਈਵਾਨ ਸਬੰਧੀ ਹਿੰਸਕ ਨੀਤੀ ਅਤੇ ਮਾਰਕਸਵਾਦੀ ਤੇ ਲੈਨਿਨਵਾਦੀ ਵਿਚਾਰਧਾਰਾ ਲਈ ਵੱਧਦੇ ਲਗਾਅ ਨੇ ਕੋਮਾਂਤਰੀ ਰੱਖਿਆ ਢਾਂਚਿਆਂ ਸਬੰਧੀ ਖਤਰਨਾਕ ਇਸ਼ਾਰੇ ਦਿੱਤੇ ਹਨ।

ਕੋਮਾਂਤਰੀ ਰਾਜਨੀਤੀ ਦੇ ਖੇਤਰ ਵਿੱਚ ਆ ਰਹੇ ਉਪਰੋਕਤ ਬਦਲਾਵਾਂ ਦੇ ਨਾਲ-ਨਾਲ ਵਿਗਿਆਨਕ ਤੇ ਤਕਨੀਕੀ ਵਿਕਾਸ ਨੇ ਜੇ ਦੁਨੀਆਂ ਨੂੰ ਕੋਮਾਂਤਰੀ ਪਿੰਡ ਵਜੋਂ ਜੋੜਿਅ ਹੈ ਤਾਂ ਨਾਲ ਹੀ ਜੰਗੀ ਭਿਆਨਕਤਾ ਨੂੰ ਵੀ ਹੋਰ ਵਧਾ ਦਿੱਤਾ ਹੈ। ਇਸ ਅਮਲ ਨੇ ਦੇਸ਼ਾਂ ਦੀ ਅੰਦਰੂਨੀਂ ਤੇ ਬਾਹਰੀ ਰੱਖਿਆ ਨੀਤੀ ਤੇ ਡੂੰਗੇ ਅਸਰ ਪਾਏ ਹਨ।

੧੯੯੦ ਵਿੱਚ ਇੱਕ ਫੀਸਦੀ ਤੋਂ ਵੀ ਘੱਟ ਲੋਕ ਇੰਟਰਨੇੱਟ ਦੀ ਵਰਤੋਂ ਕਰਦੇ ਸਨ ਜਦਕਿ ਹੁਣ ਸੱਤਰ ਫੀਸਦੀ ਲੋਕ ਇੰਟਰਨੇੱਟ ਰਾਹੀਂ ਜੁੜੇ ਹੋਏ ਹਨ। ਡਿਜੀਟਲ ਸੰਚਾਰ ਤਕਨੀਕ ਨੇ ਜੇ ਇੱਕ ਪਾਸੇ ਅਰਬ ਸਪਰਿੰਗ ਤੇ ਹਾਂਗ ਕਾਂਗ ਵਿੱਚ ਲੋਕਤੰਤਰ ਪੱਖੀ ਵੱਡੇ ਇਕੱਠਾਂ ਨੂੰ ਤਾਕਤ ਦਿੱਤੀ ਤਾਂ ਦੂਜੇ ਪਾਸੇ ਚੀਨ ਵਰਗੇ ਦੇਸ਼ਾਂ ਵਲੋਂ ਮਾਸ ਸਰਵੇਲੈਂਸ ਅਤੇ ਬਾਇਉਮੀਟਰਿਕ ਯੰਤਰਾਂ ਰਾਹੀਂ ਲੋਕ ਸਮੂਹਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਡਰੋਨਾਂ ਦੀ ਜੰਗਾਂ ਵਿੱਚ ਸਫਲ ਵਰਤੋਂ ਨੇ ਪਾਈਲਟ ਰਹਿਤ ਜੰਗੀ ਜਹਾਜਾਂ ਦੇ ਵਿਕਾਸ ਨੂੰ ਬੱਲ ਦਿੱਤਾ ਹੈ। ਸੈਟੇਲਾਈਟਾਂ ਦੀ ਵਪਾਰਕ ਵਰਤੋਂ ਨੇ ਵੀ ਰੱਖਿਆ ਢਾਂਚਿਆ ਨੂੰ ਬੁਰੀ ਤਰਾਂ ਪ੍ਭਾਵਿਤ ਕੀਤਾ। ਮੋਜੂਦਾ ਸਮੇਂ ਵਿੱਚ ਪੰਜ ਹਜਾਰ ਤੋਂ ਜਿਆਦਾ ਸੈਟੇਲਾਈਟ ਧਰਤੀ ਦੇ ਗੇੜੇ ਕੱਢ ਰਹੇ ਹਨ। ਭਾਵੇਂ ਇਹ ਜਸੂਸੀ ਤੇ ਟੋਹ ਲਾਉਣ ਵਾਲੇ ਸੈਟੇਲਾਈਟਾਂ ਜਿੰਨੇ ਵਿਕਸਤ ਨਹੀਂ ਹਨ ਫਿਰ ਵੀ ਇਨਾਂ ਵਿਚੋਂ ਕੁੱਝ ਸੜਕਾਂ ਦੇ ਚਿੰਨਾਂ ਤੇ ਪਾਣੀ ਦੇ ਨਿਕਾਸ ਲਈ ਜਮੀਨ ਹੇਠਲੇ ਢਾਂਚਿਆਂ ਦਾ ਪਤਾ ਲਾ ਸਕਦੇ ਹਨ। ਕਈ ਸੈਟੇਲਾਈਟ, ਰੇਡੀਉ ਤਰੰਗਾ, ਜਮੀਨੀ ਆਵਾਜਾਈ, ਜੰਗਲਾਂ ਆਦਿ ਵਿੱਚ ਬਣਾਏ ਗਏ ਲੁਕਵੇਂ ਢਾਂਚਿਆਂ ਤੇ ਨਿਉਕਲੀਅਰ ਗਤੀਵਿਧੀਆਂ ਤੇ ਰਾਤ ਦਿਨ ਨਜਰ ਰੱਖ ਸਕਦੇ ਹਨ। ਕਈ ਸੈਟੇਲਾਈਟਾਂ ਨੂੰ ਧਰਤੀ ਦੇ ਕਿਸੇ ਖਾਸ ਹਿੱਸੇ ਤੇ ਥੋੜੇ-ਥੋੜੇ ਸਮੇਂ ਬਾਅਦ ਹੋਣ ਵਾਲੇ ਬਦਲਾਵਾਂ ਵਾਰੇ ਜਾਨਣ ਲਈ ਵਰਤਿਆ ਜਾਂਦਾਂ ਹੈ। ੨੦੨੦ ਵਿੱਚ ਇਰਾਨ ਵਲੋਂ ਇਸੇ ਤਕਨੀਕ ਦੀ ਵਰਤੋਂ ਕਰਕੇ ਇਰਾਕ ਵਿੱਚ ਅਮਰੀਕੀ ਫੋਜਾਂ ਤੇ ਬੈਲੇਸਟਿਕ ਮਿਸਾਇਲ ਨਾਲ ਹਮਲਾ ਕਰਕੇ ਸੋ ਤੋਂ ਵੱਧ ਫੋਜੀਆਂ ਨੂੰ ਜਖਮੀਂ ਕਰ ਦਿੱਤਾ ਗਿਆ ਸੀ।

ਕੁਆਂਟਮ ਕੰਪਿਉਟਰ ਤਕਨੀਕ ਨੇ ਦੁਨੀਆਂ ਭਰ ਵਿੱਚ ਡਾਟਾ ਸੰਚਾਰ ਅਤੇ ਡਾਟਾ ਸਾਂਭਣ ਵਾਲੀਆਂ ਤਕਨੀਕਾ ਲਈ ਖਤਰਾ ਪੈਦਾ ਕਰ ਦਿੱਤਾ ਹੈ। ਇਸ ਤਕਨੀਕ ਦੀ ਵਰਤੋਂ ਨਾਲ ਦੇਸ਼ਾਂ ਦੀ ਅਤਿ ਸੁਰੱਖਿਅਤ ਜਾਣਕਾਰੀ ਦੇ ਚੋਰੀ ਹੋਣ ਦੇ ਖਤਰੇ ਵੀ ਵੱਧ ਗਏ ਹਨ। ਸਿੰਥੇਟਕ ਬਾਇਉਲੋਜੀ ਦੀ ਵਰਤੋਂ ਕਰ ਕੇ ਮਨੂੱਖੀ ਅੰਗਾਂ ਦੀ ਮਸਨੂਈ ਪੈਦਾਵਾਰ ਤੋਂ ਲੈ ਕੇ ਭੋਜਨ,ਦਵਾਈਆਂ, ਆਵਾਜਾਈ, ਡੈਟੇ ਦੀ ਸੰਭਾਲ ਤੇ ਜੰਗੀ ਹਥਿਆਰਾਂ ਦੇ ਵਿਕਾਸ ਵਿੱਚ ਵੀ ਵੱਡੇ ਬਦਲਾਅ ਆਉਣ ਦੇ ਅਸਾਰ ਪੈਦਾ ਹੋ ਗਏ ਹਨ। ਵੱਖ-ਵੱਖ ਤਕਨੀਕਾਂ ਦੇ ਵਿਕਾਸ ਦੀ ਹੌੜ ਵਿੱਚ ਹੁਣ ਨਿੱਜੀ ਕੰਪਣੀਆਂ ਵੀ ਸ਼ਾਮਲ ਹੋ ਗਈਆਂ ਹਨ। ਇਸ ਅਮਲ ਨੇ ਇੱਕ ਪਾਸੇ ਦੇਸ਼ਾਂ ਦੇ ਤਕਨੀਕਾਂ ਦੀ ਵਰਤੋਂ ਤੇ ਵਿਕਾਸ ਤੇ ਕਬਜੇ ਨੂੰ ਘੱਟ ਕੀਤਾ ਹੈ ਤਾਂ ਦੂਜੇ ਪਾਸੇ ਤਕਨੀਕਾਂ ਦੀ ਜੰਗਾਂ ਵਿੱਚ ਨਵੈਂ ਤਰੀਕੇ ਨਾਲ ਵਰਤੋਂ ਨੇ ਜੰਗ ਦੇ ਰੂਪ ਨੂੰ ਬਦਲ ਕੇ ਰੱਖ ਦਿੱਤਾ ਹੈ। ਮਸਨੂਈ ਬੋਧਿਕਤਾ ਨਾਲ ਸਬੰਧਿਤ ਤਕਨੀਕਾਂ ਨਾਲ ਆਮ ਲੋਕਾਂ ਤੋਂ ਲੈ ਕੇ ਦੇਸ਼ਾਂ ਵਿਚਕਾਰ ਵਿਵਾਦ ਖੜੇ ਕਰ ਦੇਣ ਦੇ ਡਰ ਪੈਦਾ ਹੋ ਗਏ ਹਨ। ਡੀਪਫੈਕ ਵੀਡੀਉ ਤਕਨੀਕਾਂ ਰਾਹੀਂ ਸਮਾਜ ਵਿੱਚ ਵੱਡੇ ਵਿਵਾਦ ਪੈਦਾ ਕੀਤੇ ਜਾ ਸਕਦੇ ਹਨ।

ਸੰਚਾਰ ਕਰਾਂਤੀ ਨੇ ਸਾਈਬਰਸਪੇਸ ਵਿੱਚ ਹੋਣ ਵਾਲੀ ਅਸਲੋਂ ਨਵੀਂ ਤਰਾਂ ਦੀ ਜੰਗ ਨੂੰ ਜਨਮ ਦਿੱਤਾ ਹੈ ਜਿਸ ਵਿੱਚ ਫੋਜਾਂ ਤੇ ਜੰਗੀ ਹਥਿਆਰਾਂ ਦੀ ਜਰੂਰਤ ਨਹੀਂ ਹੈ। ਸਾਈਬਰ ਹਮਲਿਆਂ ਨੇ ਅਮੀਰ ਤੇ ਤਾਕਤਵਰ ਰਾਜਾਂ ਲਈ ਜਿਆਦਾ ਡਰ ਪੈਦਾ ਕੀਤਾ ਹੈ ਕਿਉਕਿ ਇਨਾਂ ਰਾਜਾਂ ਵਿੱਚ ਵਿਉਪਾਰ, ਵਿੱਦਿਆ, ਸਿਹਤ, ਜਰਾਇਤੀ ਖੋਜ ਤੇ ਫੋਜੀ ਤਕਨੀਕਾਂ ਨਾਲ ਸਬੰਧਿਤ ਢਾਂਚੇ ਪੂਰੀ ਤਰਾਂ ਡਿਜੀਟਲ ਤਕਨੀਕਾਂ ਤੇ ਅਧਾਰਿਤ ਹਨ।ਇਸ ਸੰਦਰਭ ਵਿੱਚ ਚੀਨੀ ਜਸੂਸਾਂ ਵਲੋਂ ਅਮਰੀਕੀ ਤਕਨੀਕ ਦੀ ਚੋਰੀ ਦਾ ਮਾਮਲਾ ਕਾਫੀ ਚਰਚਾ ਵਿੱਚ ਰਿਹਾ ਹੈ ਤੇ FBI ਦੇ ਸਾਬਕਾ ਮੁੱਖੀ Cristopher Wray ਵਲੋਂ ਇਸ ਨੂੰ ਮਨੂੱਖੀ ਇਤਹਾਸ ਵਿਚ ਵਿੱਤ ਦੀ ਸੱਭ ਤੋਂ ਵੱਡੀ ਚੋਰੀ ਕਿਹਾ ਹੈ। ਇਸੇ ਤਰਾਂ ਰੂਸ ਅਤੇ ਚੀਨ ਵਲੋਂ AI ਤਕਨੀਕਾਂ ਦੀ ਵਰਤੋਂ ਕਰਕੇ ਅਮਰੀਕੀ ਲੋਕਾਂ ਦੇ ਰਾਜਨੀਤਕ, ਸਮਾਜਕ ਤੇ ਵਿਉਪਾਰਕ ਵਿਹਾਰ ਤੇ ਉਲਟ ਅਸਰ ਪਾਉਣ ਦੇ ਇਲਜਾਮ ਅਮਰੀਕੀ ਸਰਕਾਰ ਵਲੋਂ ਲਾਏ ਗਏ ਹਨ। ਚੀਨੀ ਕੰਪਨੀ ਬਾਈਟਡਾਂਸ ਦੀ ਮਾਲਕੀ ਵਾਲੀ ਟਿੱਕਟਾਕ ਐਪ ਰਾਹੀਂ ੧੩੫ ਮਿਲੀਅਨ ਅਮਰੀਕੀ ਲੋਕਾਂ ਵਾਰੇ ਜਾਣਕਾਰੀ ਇਕੱਠੀ ਕਰਨ ਦਾ ਮਸਲਾ ਵੀ ਅਮਰੀਕੀ ਸਰਕਾਰ ਵਲੋਂ ਉਠਾਇਆ ਗਿਆ ਹੈ।

ਸਾਈਬਰ ਹਮਲਿਆਂ ਨੇ ਨੀਤੀ ਘਾੜਿਆਂ ਲਈ ਵੀ ਮੁਸ਼ਕਲਾਂ ਖੜੀਆਂ ਕੀਤੀਆਂ ਹਨ। ਜਿਸ ਤਰਾਂ ੧੯੬੨ ਵਿੱਚ ਕਿਉਬਾ ਮਸਲੇ ਵੇਲੇ ਅਮਰੀਕੀ ਰਾਸ਼ਟਰਪਤੀ ਜ਼ੋਹਨ ਕੈਨੇਡੀ ਕੋਲ ਫੈਸਲਾ ਲੈਣ ਲਈ ੧੩ ਦਿਨਾਂ ਦਾ ਸਮਾਂ ਸੀ ਪਰ ੨੦੦੧ ਵਿੱਚ ਵਰਲਡ ਟਰੇਡ ਸੈਂਟਰ ਤੇ ਹਮਲੇ ਸਮੇਂ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਕੋਲ ਫੈਸਲਾ ਲੈਣ ਲਈ ੧੩ ਮਿੰਟ ਤੋ ਵੀ ਘੱਟ ਸਮਾਂ ਸੀ।ਮੋਜੂਦਾ ਸਾਈਬਰ ਹਮਲਿਆਂ ਨੇ ਇਹ ਸਮਾਂ ੧੩ ਸਕਿੰਟਾਂ ਤੱਕ ਵੀ ਘਟਾ ਦਿੱਤਾ ਹੈ।

ਇਸ ਤਰਾਂ ਦੁਨੀਆਂ ਇੱਕ ਨਵੀਂ ਤਰਾਂ ਦੇ ਖਤਰਨਾਕ ਦੋਰ ਵਿੱਚ ਸ਼ਾਮਲ ਹੋ ਗਈ ਹੈ ਜਿਸ ਵਿੱਚ ਛੋਟੇ ਰਾਜਾਂ ਅਤੇ ਰਾਜਾਂ ਲਈ ਸੰਘਰਸ਼ ਕਰ ਰਹੀਆਂ ਕੋਮਾਂ ਲਈ ਨਵੀਂ ਤਰਾਂ ਦੇ ਖਤਰੇ ਪੈਦਾ ਹੋ ਗਏ ਹਨ। ਕੋਮਾਂਤਰੀ ਰਾਜਨੀਤੀ ਦੇ ਖੇਤਰ ਵਿੱਚ ਵੱਡੀਆਂ ਤਾਕਤਾਂ ਵਿਚਕਾਰ ਰਾਜਸੀ ਵਿਵਾਦਾਂ ਨੇ ਛੋਟੇ ਰਾਜਾਂ ਦੇ ਵੱਡੀਆਂ ਤਾਕਤਾਂ ਦੇ ਸੈਟੇਲਾਈਟ ਬਣ ਜਾਣ, ਯੂਰਪ ਵਿੱਚ ਕੋਮਾਂਤਰੀ ਕਨੂੰਨਾਂ ਨੂੰ ਉਲੰਘਦੀ ਜੰਗ, ਸਾਈਬਰ ਅੱਤਵਾਦ ਦੇ ਵੱਧਦੇ ਹਮਲੇ ਦੇਸ਼ਾਂ ਦੇ ਰੱਖਿਆ ਢਾਂਚਿਆਂ ਨੂੰ ਬਦਲ ਰਹੇ ਹਨ। ਚੀਨ ਵਲੋਂ ਮੁਸਲਮ ਵਸੋਂ ਵਾਲੇ ਸਿਕਆਂਗ ਰਾਜ ਵਿੱਚ Mass Surveillance ਤੇ Biometric Technology ਦੀ ਟੈਲੀਫੋਨ ਐਪਾਂ ਰਾਹੀਂ ਵਰਤੋਂ ਨੇ ਰਾਜਹੀਣ ਕੋਮਾਂ ਨੂੰ ਰਾਜਸੀ ਤੋਰ ਤੇ ਹੋਰ ਤਾਕਤਹੀਣ ਕਰਨ ਲਈ ਮਾਡਰਨ ਤਕਨੀਕਾਂ ਦੀ ਵਰਤੋਂ ਦੇ ਨਵੇਂ ਢੰਗ ਇਜਾਦ ਕਰ ਦਿੱਤੇ ਹਨ। ਰਾਜਾਂ ਦੀਆਂ ਹੱਦਾਂ ਅਤੇ ਪ੍ਭੂਸੱਤਾ ਸਬੰਧੀ ਕੋਮਾਂਤਰੀ ਕਨੂੰਨਾ ਦੀ ਉਲੰਘਣਾ ਅਤੇ ਗਰੋਜਨੀ, ਅਲੀਪੋ ਤੇ ਮਾਰੀਉਪੋਲ ਵਰਕੇ ਸ਼ਹਿਰਾਂਨੂੰ ਬੇਕਿਰਕ ਤਰੀਕੇ ਨਾਲ ਤਬਾਹ ਕਰ ਦੇਣ ਦੇ ਵਰਤਾਰੇ ਇੱਕ ਡਰਾਉਣੇ ਭਵਿੱਖਮੁੱਖੀ ਕੋਮਾਂਤਰੀ ਪ੍ਬੰਧ ਦੇ ਉਭਾਰ ਵੱਲ ਇਸ਼ਾਰਾ ਕਰ ਰਹੇ ਹਨ।

ਇਸ ਤਰਾਂ ਰੱਖਿਆ ਨੀਤੀ ਦਾ ਰਾਜ ਕੈਂਦਰਿਤ ਸਿਧਾਂਤ ਬਦਲ ਚੁੱਕਾ ਹੈ ਅਤੇ ਇਸ ਵਿੱਚ ਮਨੁੱਖੀ ਵਿਕਾਸ ਨਾਲ ਸਬੰਧਿਤ ਆਰਥਿਕ, ਸਿਹਤ, ਖੇਤੀ ਤੇ ਭੋਜਨ ਸਬੰਧੀ ਨੀਤੀਆਂ ਵੀ ਸ਼ਾਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਜੰਗੀ ਤਕਨੀਕਾਂ ਦੇ ਤੇਜੀ ਨਾਲ ਹੋ ਰਹੇ ਵਿਕਾਸ ਨੇ ਰਾਜਾਂ ਨੂੰ ਵਿਸ਼ਵੀਕਰਨ ਤੇ ਗਲੋਬਲ ਪਿੰਡ ਵਰਗੀਆਂ ਮਾਨਤਾਵਾਂ ਨੂੰ ਬਦਲਣ ਲਈ ਮਜ਼ਬੂਰ ਕੀਤਾ ਹੈ।ਡਿਜੀਟਲ ਤਕਨੀਕਾਂ,ਸ਼ੋਸ਼ਲ ਮੀਡੀਆ, AI, Automation, Robotics, Quantum Computing ਵਰਗੀਆਂ ਵਿਗਆਨਕ ਤਕਨੀਕਾਂ ਦੇ ਵਿਕਾਸ ਨੇ ਰਾਜਾਂ ਦੀਆਂ ਰੱਖਿਆ ਨੀਤੀਆਂ ਵਿੱਚ ਵੱਡੇ ਬਦਲਾਅ ਲਿਆਦੇਂ ਹਨ।